NCERT ਵੱਲੋਂ ਛਾਪੀ ਗਈ ਨਵੀਂ ਕਿਤਾਬ ਵਿੱਚ ਮੋਹਨਜੋਦੜੋ ਦੀ ਇਤਿਹਾਸਕ ‘ਡਾਂਸਿੰਗ ਗਰਲ’ (ਨੱਚਦੀ ਕੁੜੀ) ਦੀ ਤਸਵੀਰ ਨਾਲ ਛੇੜਛਾੜ ਕਰਨਾ ਅਤੇ ਡਿਜੀਟਲ ਤਰੀਕੇ ਨਾਲ ਉਸ ਨੂੰ ਢਕਣਾ ਬਹੁਤ ਹੀ ਨਿੰਦਣਯੋਗ, ਮੰਦਭਾਗਾ ਅਤੇ ਚਿੰਤਾਜਨਕ ਕਦਮ ਹੈ।ਹਜ਼ਾਰਾਂ ਸਾਲ ਪੁਰਾਣੀ ਇਤਿਹਾਸਕ ਵਿਰਾਸਤ ਅਤੇ ਕਲਾਕ੍ਰਿਤੀ ਨੂੰ ਆਧੁਨਿਕ ਰੂੜ੍ਹੀਵਾਦੀ ਸੋਚ ਦੇ ਤਹਿਤ ਬਦਲਣਾ ਇਤਿਹਾਸ ਨੂੰ ਤੋੜਨ-ਮਰੋੜਨ ਦੇ ਬਰਾਬਰ ਹੈ। ਸਿੱਖਿਆ ਸੰਸਥਾਵਾਂ ਦਾ ਕੰਮ ਵਿਦਿਆਰਥੀਆਂ ਨੂੰ ਇਤਿਹਾਸ ਦਾ ਸੱਚ ਦਿਖਾਉਣਾ ਹੁੰਦਾ ਹੈ, ਨਾ ਕਿ ਸੈਂਸਰਸ਼ਿਪ ਲਗਾ ਕੇ ਇਤਿਹਾਸਕ ਤੱਥਾਂ ਨੂੰ ਲੁਕਾਉਣਾ। ਭਾਵੇਂ ਹੁਣ ਵਿਰੋਧ ਤੋਂ ਬਾਅਦ ਇਸ ਫੈਸਲੇ ਨੂੰ ਬਦਲਣ ਦੀ ਗੱਲ ਕਹੀ ਗਈ ਹੈ, ਪਰ ਅਜਿਹੀ ਮਾਨਸਿਕਤਾ ਸਾਡੀ ਸਿੱਖਿਆ ਪ੍ਰਣਾਲੀ ਅਤੇ ਇਤਿਹਾਸਕ ਖੋਜ ਦੀ ਆਜ਼ਾਦੀ 'ਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਖੜ੍ਹਾ ਕਰਦੀ ਹੈ।
ਇਹ ਸਪੱਸ਼ਟ ਹੈ ਕਿ ਆਰ.ਐਸ.ਐਸ. (RSS) ਅਤੇ ਭਾਜਪਾ (BJP) ਲਗਾਤਾਰ ਅਜਿਹੀਆਂ ਕੋਸ਼ਿਸ਼ਾਂ ਕਰ ਰਹੀ ਹੈ ਜਿਨ੍ਹਾਂ ਰਾਹੀਂ ਦੇਸ਼ ਦੀ ਸਿੱਖਿਆ ਪ੍ਰਣਾਲੀ ਅਤੇ ਇਤਿਹਾਸ ਦਾ ‘ਭਗਵਾਕਰਨ’ ਕੀਤਾ ਜਾ ਸਕੇ। ਇਹ ਕਦਮ ਕੋਈ ਇਕੱਲੀ-ਇੱਕਹਰੀ ਘਟਨਾ ਨਹੀਂ ਹੈ, ਸਗੋਂ ਇਹ ਉਸ ਡੂੰਘੀ ਸਾਜ਼ਿਸ਼ ਦਾ ਹਿੱਸਾ ਹੈ ਜਿਸ ਤਹਿਤ ਇਤਿਹਾਸਕ ਤੱਥਾਂ ਨੂੰ ਮਿਟਾ ਕੇ ਉਹਨਾਂ ਨੂੰ ਆਪਣੀ ਰੂੜ੍ਹੀਵਾਦੀ ਅਤੇ ਫਿਰਕੂ ਵਿਚਾਰਧਾਰਾ ਦੇ ਮੁਤਾਬਕ ਢਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹਜੇ ਕੁੱਝ ਦਿਨ ਪਹਿਲਾਂ ਹੀ ਕੇਂਦਰੀ ਵਿਦਿਆਲਿਆ ਵਿੱਚ ਛੇਵੀਂ ਅਤੇ ਨੌਵੀਂ ਕਲਾਸ ਵਿੱਚ ਸੰਸਕ੍ਰਿਤ ਦੇ ਲਾਜ਼ਮੀ ਸੈਸ਼ਨ ਲਗਾਉਣ ਦਾ ਫ਼ੈਸਲਾ ਵੀ ਕੀਤਾ ਜਾ ਚੁੱਕਾ ਹੈ। ਵਿਦਿਆਰਥੀਆਂ 'ਤੇ ਕਿਸੇ ਇੱਕ ਖਾਸ ਭਾਸ਼ਾ ਨੂੰ ਜਬਰਨ ਥੋਪਣਾ ਉਨ੍ਹਾਂ ਦੀ ਸਿੱਖਣ ਦੀ ਆਜ਼ਾਦੀ ਅਤੇ ਖੇਤਰੀ ਭਾਸ਼ਾਵਾਂ (ਜਿਵੇਂ ਕਿ ਪੰਜਾਬੀ) ਦੇ ਹੱਕਾਂ 'ਤੇ ਸਿੱਧਾ ਡਾਕਾ ਹੈ। ਸਿੱਖਿਆ ਪ੍ਰਣਾਲੀ ਵਿੱਚ ਅਜਿਹੇ ਪੱਖਪਾਤੀ ਫੈਸਲੇ ਵਿਦਿਆਰਥੀਆਂ 'ਤੇ ਮਾਨਸਿਕ ਬੋਝ ਵਧਾਉਂਦੇ ਹਨ ਅਤੇ ਦੇਸ਼ ਦੇ ਬਹੁ-ਭਾਸ਼ਾਈ ਤਾਣੇ-ਬਾਣੇ ਨੂੰ ਕਮਜ਼ੋਰ ਕਰਦੇ ਹਨ, ਜਿਸ ਦਾ ਸਖ਼ਤ ਵਿਰੋਧ ਹੋਣਾ ਚਾਹੀਦਾ ਹੈ।
ਅਸੀਂ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਅਜਿਹੀ ਸੈਂਸਰਸ਼ਿਪ ਤੇ ਇਤਿਹਾਸ ਨੂੰ ਤੋੜਨ-ਮਰੋੜਨ ਦੀਆਂ ਫਾਸ਼ੀਵਾਦੀ ਕੋਸ਼ਿਸ਼ਾਂ ਅਤੇ ਸੰਸਕ੍ਰਿਤ ਭਾਸ਼ਾ ਥੋਪਣ ਦੀਆਂ ਕੋਸ਼ਿਸ਼ਾਂ ਦਾ ਸਖ਼ਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਾਂ।
- ਪੰਜਾਬ ਸਟੂਡੈਂਟਸ ਯੂਨੀਅਨ